Press "Enter" to skip to content

ਆਈਐਸਆਈ ਦੀ ਹਮਾਇਤ ਪ੍ਰਾਪਤ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼; ਏਕੇ-47 ਰਾਈਫਲ ਸਮੇਤ ਚਾਰ ਹਥਿਆਰਾਂ ਨਾਲ ਦੋ ਮੁਲਜ਼ਮ ਅੰਮ੍ਰਿਤਸਰ ਤੋਂ ਕਾਬੂ

ਚੰਡੀਗੜ੍ਹ/ਅੰਮ੍ਰਿਤਸਰ, 14 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਆਈ.ਐਸ.ਆਈ. ਦੀ ਹਮਾਇਤ ਪ੍ਰਾਪਤ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਵਾਲੇ ਅਤੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮਾਂ ਕੋਲੋਂ ਚਾਰ ਅਤਿ-ਆਧੁਨਿਕ ਹਥਿਆਰ, ਜਿਨ੍ਹਾਂ ਵਿੱਚ ਦੋ ਮੈਗਜ਼ੀਨਾਂ ਅਤੇ 36 ਜ਼ਿੰਦਾ ਕਾਰਤੂਸਾਂ ਸਮੇਤ ਏ.ਕੇ.-47 ਰਾਈਫ਼ਲ ਸ਼ਾਮਲ ਹੈ, ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਸੇਵਕ ਸਿੰਘ ਉਰਫ਼ ਸੂਰਜ ਵਾਸੀ ਨਵੀਂ ਆਬਾਦੀ ਅਟਾਰੀ, ਅੰਮ੍ਰਿਤਸਰ ਅਤੇ ਅਮਰਜੀਤ ਸਿੰਘ ਉਰਫ ਰੋਹਿਤ ਵਾਸੀ ਸੁਭਾਸ਼ ਰੋਡ ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਏਕੇ-47 ਰਾਈਫਲ ਬਰਾਮਦ ਕਰਨ ਤੋਂ ਇਲਾਵਾ ਤਿੰਨ ਅਤਿ-ਆਧੁਨਿਕ 9 ਐਮਐਮ ਗਲੋਕ ਪਿਸਤੌਲ ਵੀ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਉਕਤ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਵਿਦੇਸ਼ੀ ਹੈਂਡਲਰਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਇਹ ਮਾਡਿਊਲ ਕੱਟੜਪੰਥੀ ਗਤੀਵਿਧੀਆਂ ਅਤੇ ਭਾਰਤ ਵਿਰੋਧੀ ਤੇ ਪੁਲਿਸ ਵਿਰੋਧੀ ਬਿਰਤਾਂਤ ਫੈਲਾਉਣ ਵਰਗੀਆਂ ਗਤੀਵਿਧੀਆਂ ਵਿਚ ਵੀ ਸ਼ਾਮਲ ਰਿਹਾ ਹੈ।

ਡੀਜੀਪੀ ਨੇ ਕਿਹਾ ਕਿ ਸਮੁੱਚੇ ਨੈਟਵਰਕ ਦਾ ਪਰਦਾਫ਼ਾਸ਼ ਕਰਨ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਥਾਣਾ ਘਰਿੰਡਾ ਦੀਆਂ ਟੀਮਾਂ ਨੇ ਪਿੰਡ ਮੁਹਾਵਾ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ  ਹਥਿਆਰਾਂ ਦੀ ਖੇਪ, ਜਿਸ ਵਿੱਚ ਏ.ਕੇ.-47 ਸਮੇਤ ਗੋਲੀ-ਸਿੱਕਾ ਅਤੇ ਤਿੰਨ ਗਲੌਕ ਪਿਸਤੌਲ ਸ਼ਾਮਲ ਹਨ, ਬਰਾਮਦ ਕੀਤੇ।

ਐਸਐਸਪੀ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਥਿਆਰਾਂ ਦੀ ਇਹ ਖੇਪ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਉਦੇਸ਼ ਨਾਲ ਮਾਡਿਊਲ ਦੇ ਵਿਦੇਸ਼ੀ ਹੈਂਡਲਰਾਂ ਵੱਲੋਂ ਪਾਕਿਸਤਾਨ ਦੇ ਰਸਤਿਓਂ ਭੇਜੀ ਗਈ ਸੀ।

ਇਸ ਸਬੰਧੀ ਥਾਣਾ ਘਰਿੰਡਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25(1)(ਏ), 25(6), 25(7), 25(8) ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀਆਂ ਧਾਰਾਵਾਂ 13, 16, 18 ਤਹਿਤ ਐਫ.ਆਈ.ਆਰ. ਨੰ. 80 ਮਿਤੀ 12.03.2026 ਦਰਜ ਕੀਤੀ ਗਈ ਹੈ।

More from AmritsarMore posts in Amritsar »
More from Latest NewsMore posts in Latest News »
More from NewsMore posts in News »
More from PunjabMore posts in Punjab »
More from PunjabiMore posts in Punjabi »

Be First to Comment

Leave a Reply

Your email address will not be published. Required fields are marked *