
ਕੇਂਦਰ ਸਰਕਾਰ ਦੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਤਮਿਲਨਾਡੂ ਦੇ ਚੇਨਈ ਪਾਰਕ ਸਮੇਤ ਨੌਂ ਰੇਲਵੇ ਸਟੇਸ਼ਨਾਂ ਦਾ ਮੁੜ ਵਿਕਾਸ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਇਨ੍ਹਾਂ ਆਧੁਨਿਕ ਸਟੇਸ਼ਨਾਂ ਦਾ ਦੇਸ਼ ਨੂੰ ਸਮਰਪਣ ਕਰ ਸਕਦੇ ਹਨ।
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਦਾ ਮਕਸਦ ਦੇਸ਼ ਭਰ ਦੇ 1,300 ਤੋਂ ਵੱਧ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਉਣਾ ਅਤੇ ਯਾਤਰੀਆਂ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਦੱਖਣੀ ਰੇਲਵੇ ਜ਼ੋਨ ਵਿੱਚ ਇਸ ਵੇਲੇ 40 ਤੋਂ ਵੱਧ ਸਟੇਸ਼ਨਾਂ ‘ਤੇ ਮੁੜ ਵਿਕਾਸ ਦੇ ਕੰਮ ਜਾਰੀ ਹਨ।
ਰੇਲਵੇ ਅਧਿਕਾਰੀਆਂ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ 119 ਤੋਂ ਵੱਧ ਮੁੜ ਵਿਕਸਿਤ ਰੇਲਵੇ ਸਟੇਸ਼ਨ ਲੋਕਾਂ ਲਈ ਖੋਲ੍ਹੇ ਜਾ ਚੁੱਕੇ ਹਨ। ਦੱਖਣੀ ਰੇਲਵੇ ਖੇਤਰ ਵਿੱਚ 21 ਸਟੇਸ਼ਨਾਂ ਦਾ ਕੰਮ ਪੂਰਾ ਹੋ ਚੁੱਕਾ ਹੈ, ਜਦਕਿ ਬਾਕੀ ਸਟੇਸ਼ਨਾਂ ‘ਤੇ ਪੜਾਅਵਾਰ ਕੰਮ ਜਾਰੀ ਹੈ। ਦੇਸ਼ ਭਰ ਵਿੱਚ 1,150 ਤੋਂ ਵੱਧ ਸਟੇਸ਼ਨਾਂ ਦੇ ਵਿਕਾਸ ਦਾ ਕੰਮ ਵੱਖ-ਵੱਖ ਪੜਾਅ ਵਿੱਚ ਚੱਲ ਰਿਹਾ ਹੈ।
ਜਿਨ੍ਹਾਂ ਸਟੇਸ਼ਨਾਂ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ, ਉਨ੍ਹਾਂ ਵਿੱਚ ਤਮਿਲਨਾਡੂ ਦੇ ਚੇਨਈ ਪਾਰਕ, ਚਿੰਨਾਸਾਲੇਮ ਅਤੇ ਕੁਨੂਰ ਦੇ ਨਾਲ ਕੇਰਲ ਦੇ ਥਾਲਾਸੇਰੀ, ਤਿਰੂਰ, ਪਰੱਪਨੰਗਾਡੀ, ਅੰਗਮਾਲੀ, ਚਾਲਾਕੁਡੀ ਅਤੇ ਨਿਲੰਬੂਰ ਸ਼ਾਮਲ ਹਨ।
ਇਸ ਪ੍ਰੋਜੈਕਟ ਤਹਿਤ ਯਾਤਰੀਆਂ ਲਈ ਲਿਫਟਾਂ, ਐਸਕਲੇਟਰ, ਫੁੱਟ ਓਵਰਬ੍ਰਿਜ, ਵਾਧੂ ਪਲੇਟਫਾਰਮ, ਆਧੁਨਿਕ ਵੇਟਿੰਗ ਹਾਲ, ਨਵੇਂ ਦਾਖ਼ਲਾ ਦਰਵਾਜ਼ੇ, ਮਲਟੀ-ਲੈਵਲ ਪਾਰਕਿੰਗ ਅਤੇ ਸੀਸੀਟੀਵੀ ਅਧਾਰਿਤ ਸੁਰੱਖਿਆ ਪ੍ਰਣਾਲੀ ਵਰਗੀਆਂ ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।
ਅਧਿਕਾਰੀਆਂ ਦੇ ਅਨੁਸਾਰ, ਚੇਨਈ ਪਾਰਕ ਰੇਲਵੇ ਸਟੇਸ਼ਨ ਦਾ ਮੁੜ ਵਿਕਾਸ ਲਗਭਗ ₹10.68 ਕਰੋੜ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕੁਨੂਰ ਅਤੇ ਚਿੰਨਾਸਾਲੇਮ ਸਟੇਸ਼ਨਾਂ ‘ਤੇ ਕ੍ਰਮਵਾਰ ₹7.62 ਕਰੋੜ ਅਤੇ ₹2.5 ਕਰੋੜ ਦੀ ਲਾਗਤ ਨਾਲ ਕੰਮ ਚੱਲ ਰਿਹਾ ਹੈ।
ਇਨ੍ਹਾਂ ਨਵੇਂ ਵਿਕਸਿਤ ਸਟੇਸ਼ਨਾਂ ਦਾ ਉਦਘਾਟਨ 12 ਤੋਂ 17 ਜੁਲਾਈ ਦਰਮਿਆਨ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਅਧਿਕਾਰਕ ਤਾਰੀਖ ਦਾ ਐਲਾਨ ਹਜੇ ਨਹੀਂ ਕੀਤਾ ਗਿਆ।
ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਭਾਰਤੀ ਰੇਲਵੇ ਦੀ ਇੱਕ ਮਹੱਤਵਪੂਰਨ ਪਹਿਲ ਹੈ, ਜਿਸ ਦਾ ਉਦੇਸ਼ ਰੇਲਵੇ ਸਟੇਸ਼ਨਾਂ ਨੂੰ ਆਧੁਨਿਕ, ਯਾਤਰੀ-ਅਨੁਕੂਲ ਆਵਾਜਾਈ ਕੇਂਦਰਾਂ ਵਿੱਚ ਤਬਦੀਲ ਕਰਨਾ, ਸਥਾਨਕ ਵਿਰਾਸਤ ਨੂੰ ਸੰਭਾਲਣਾ ਅਤੇ ਬਿਹਤਰ ਕਨੈਕਟਿਵਿਟੀ ਯਕੀਨੀ ਬਣਾਉਣਾ ਹੈ।


Be First to Comment