Press "Enter" to skip to content

ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਅਰਵਿੰਦ ਕੇਜਰੀਵਾਲ

ਮਜੀਠੀਆ ਅਤੇ ਅਮਿਤ ਸ਼ਾਹ ਭਰਾਵਾਂ ਵਾਂਗ ਬਹੁਤ ਨੇੜੇ ਹਨ, ਹੁਣ ਉਹ ਗੱਠਜੋੜ ਕਰ ਰਹੇ ਹਨ: ਅਰਵਿੰਦ ਕੇਜਰੀਵਾਲ

ਪੰਜਾਬ ਵਿੱਚ ਨਸ਼ਿਆਂ ਨੂੰ ‘ਕੰਟਰੋਲ’ ਕਰਨ ਦੀ ਅਮਿਤ ਸ਼ਾਹ ਦੀ ਯੋਜਨਾ, ਉਹ ਮਜੀਠੀਆ ਨਾਲ ਹੱਥ ਮਿਲਾ ਕੇ ਇਹ ਕਰਨਗੇ: ਮਨੀਸ਼ ਸਿਸੋਦੀਆ

ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਦਾ 10 ਸਾਲਾਂ ਦਾ ਕੁਸ਼ਾਸਨ ਦੇਖਿਆ ਹੈ ਅਤੇ ਉਹ ਇਕੱਠੇ ਲੜਨ ਜਾਂ ਵੱਖ-ਵੱਖ, ਉਨ੍ਹਾਂ ਨੂੰ ਕਦੇ ਵੀ ਦੁਬਾਰਾ ਪ੍ਰਵਾਨ ਨਹੀਂ ਕਰਨਗੇ: ਅਮਨ ਅਰੋੜਾ

2007 ਤੋਂ 2017 ਤੱਕ ਅਕਾਲੀ-ਭਾਜਪਾ ਰਾਜ ਦੌਰਾਨ ‘ਚਿੱਟੇ’ ਨੇ ਪੰਜਾਬੀਆਂ ਦੀ ਪੂਰੀ ਪੀੜ੍ਹੀ ਨੂੰ ਨਿਗਲ ਲਿਆ: ਬਲਤੇਜ ਪੰਨੂ

ਅਕਾਲੀ ਦਲ ਅਤੇ ਭਾਜਪਾ ਕਦੇ ਵੀ ਸੱਚਮੁੱਚ ਵੱਖ ਨਹੀਂ ਹੋਏ, ਜਦੋਂ ਵੀ ਉਨ੍ਹਾਂ ਦੇ ਸਿਆਸੀ ਹਿੱਤਾਂ ਨੂੰ ਮਾਫ਼ਕ ਆਉਂਦਾ ਹੈ ਉਹ ਇਕੱਠੇ ਹੋ ਜਾਂਦੇ ਹਨ, ਪਰ ਪੰਜਾਬ ਵਿੱਚ ਇੱਕ ਵਾਰ ਫਿਰ ‘ਆਪ’ ਸਰਕਾਰ ਬਣੇਗੀ: ਕੁਲਦੀਪ ਸਿੰਘ ਧਾਲੀਵਾਲ

ਆਮ ਆਦਮੀ ਪਾਰਟੀ (‘ਆਪ’) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿਆਸੀ ਮੌਕਾਪ੍ਰਸਤੀ ਨੂੰ ਲੈ ਕੇ ਭਾਜਪਾ-ਅਕਾਲੀ ਗਠਜੋੜ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਸਵਾਲ ਕੀਤਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਦਾਅਵਾ ਕਿਵੇਂ ਕਰ ਸਕਦੇ ਹਨ? ਪ੍ਰਸਤਾਵਿਤ ਗੱਠਜੋੜ ‘ਤੇ ਤਿੱਖਾ ਤੰਜ ਕੱਸਦਿਆਂ ‘ਆਪ’ ਸੁਪਰੀਮੋ ਨੇ ਕਿਹਾ ਕਿ ਅਮਿਤ ਸ਼ਾਹ ਦਾ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ‘ਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ “ਦੁਨੀਆ ਦਾ ਅੱਠਵਾਂ ਅਜੂਬਾ” ਹੋਵੇਗਾ।

‘X’ ‘ਤੇ ਲਿਖਦਿਆਂ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ: “ਮਜੀਠੀਆ ਅਤੇ ਅਮਿਤ ਸ਼ਾਹ ਭਰਾਵਾਂ ਵਾਂਗ ਬਹੁਤ ਨੇੜੇ ਹਨ। ਹੁਣ ਮਜੀਠੀਆ ਨਾਲ ਗੱਠਜੋੜ ਕਰਕੇ ਅਮਿਤ ਸ਼ਾਹ ਜੀ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ। ਇਹ ਤਾਂ ਦੁਨੀਆ ਦਾ ਅੱਠਵਾਂ ਅਜੂਬਾ ਹੋਵੇਗਾ। ‘ਵਾਹ, ਮੋਦੀ ਜੀ, ਵਾਹ। ਕੀ ਮਾਸਟਰ ਪਲਾਨ ਹੈ।'”

‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ, “ਪੰਜਾਬ ਵਿੱਚ ਨਸ਼ਿਆਂ ਨੂੰ ‘ਕੰਟਰੋਲ’ ਕਰਨ ਦੀ ਅਮਿਤ ਸ਼ਾਹ ਦੀ ਯੋਜਨਾ। ਉਹ ਮਜੀਠੀਆ ਨਾਲ ਹੱਥ ਮਿਲਾ ਕੇ ਅਜਿਹਾ ਕਰਨਗੇ। ਨਸ਼ਾ ਖ਼ਤਮ ਨਹੀਂ, ਸਿਰਫ਼ ‘ਕੰਟਰੋਲ’ ਕਰਨਾ।”

ਅਕਾਲੀ ਦਲ ਅਤੇ ਭਾਜਪਾ ਵਿਚਕਾਰ ਵਧ ਰਹੀ ਨੇੜਤਾ ਬਾਰੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ, “ਕੁੱਝ ਮਹੀਨੇ ਪਹਿਲਾਂ ਤੱਕ ਦੋਵੇਂ ਪਾਰਟੀਆਂ ਕਹਿ ਰਹੀਆਂ ਸਨ ਕਿ ਉਹ ਸਾਰੀਆਂ 117 ਸੀਟਾਂ ‘ਤੇ ਆਜ਼ਾਦਾਨਾ ਤੌਰ ‘ਤੇ ਚੋਣ ਲੜਨਗੀਆਂ। ਹਾਲਾਂਕਿ, ਜ਼ਮੀਨੀ ਪੱਧਰ ‘ਤੇ ਜਾ ਕੇ ਅਤੇ ਜਨਤਾ ਦੇ ਮੂਡ ਦਾ ਅੰਦਾਜ਼ਾ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹਨ। ਇਸੇ ਲਈ ਹੁਣ ਉਨ੍ਹਾਂ ਦੇ ਬਿਆਨ ਬਦਲ ਗਏ ਹਨ ਅਤੇ ਉਹ ਮਿਲ ਕੇ ਚੋਣ ਲੜਨ ਦੀਆਂ ਗੱਲਾਂ ਕਰ ਰਹੇ ਹਨ।”

ਉਨ੍ਹਾਂ ਅੱਗੇ ਕਿਹਾ ਕਿ ਚਾਹੇ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜਨ ਜਾਂ ਵੱਖ-ਵੱਖ, ਨਤੀਜਾ ਉਹੀ ਰਹੇਗਾ, ਕਿਉਂਕਿ ਪੰਜਾਬ ਦੇ ਲੋਕ 2007 ਤੋਂ 2017 ਤੱਕ ਦਾ ਉਨ੍ਹਾਂ ਦਾ ਰਿਕਾਰਡ ਨਹੀਂ ਭੁੱਲੇ ਹਨ। “ਪੰਜਾਬ ਦੇ ਲੋਕਾਂ ਨੇ ਦੇਖਿਆ ਹੈ ਕਿ ਅਕਾਲੀ ਦਲ ਅਤੇ ਭਾਜਪਾ ਨੇ ਆਪਣੇ ਦਸ ਸਾਲਾਂ ਦੇ ਰਾਜ ਦੌਰਾਨ ਕੀ ਕੀਤਾ। ਉਨ੍ਹਾਂ ਨੇ ਇਹ ਵੀ ਦੇਖਿਆ ਹੈ ਕਿ ਕਾਂਗਰਸ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨਾਲ ਕਿਵੇਂ ਧੋਖਾ ਕੀਤਾ। ਚਾਹੇ ਉਹ ਕਿੰਨੀਆਂ ਵੀ ਰੈਲੀਆਂ ਕਰਨ ਜਾਂ ਰੋਡ ਸ਼ੋਅ ਕੱਢਣ, ਇਹ ਪਾਰਟੀਆਂ ਸਿਰਫ਼ ਸਿਆਸੀ ਸਰਗਰਮੀਆਂ ਨਾਲ ਕਾਮਯਾਬ ਨਹੀਂ ਹੋਣਗੀਆਂ। ਲੋਕ ਨਤੀਜੇ ਅਤੇ ਸੁਚੱਜਾ ਸ਼ਾਸਨ ਚਾਹੁੰਦੇ ਹਨ।”

ਅਮਨ ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਉਹ ਕੰਮ ਕਰ ਕੇ ਦਿਖਾਏ ਹਨ ਜੋ ਦਹਾਕਿਆਂ ਵਿੱਚ ਨਹੀਂ ਹੋਏ ਸਨ। ਉਨ੍ਹਾਂ ਕਿਹਾ ਕਿ ਲੋਕ ਜਨਤਕ ਭਲਾਈ ਅਤੇ ਵਿਕਾਸ ਦੇ ਆਧਾਰ ‘ਤੇ ਸਰਕਾਰਾਂ ਦੀ ਤੁਲਨਾ ਕਰਨਗੇ। “ਲੋਕਾਂ ਨੂੰ ਉਨ੍ਹਾਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਦੀ ਚਿੰਤਾ ਹੈ। ਜਦੋਂ ਉਹ ਜਨਤਕ ਭਲਾਈ ‘ਤੇ ਸਰਕਾਰਾਂ ਦੀ ਕਾਰਗੁਜ਼ਾਰੀ ਦੀ ਤੁਲਨਾ ਕਰਨਗੇ, ਤਾਂ ਮੈਨੂੰ ਵਿਸ਼ਵਾਸ ਹੈ ਕਿ ‘ਆਪ’ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। 2027 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇਸ ਨੂੰ ਦਰਸਾਉਣਗੇ, ਅਤੇ ‘ਆਪ’ ਸਰਕਾਰ ਭਾਰੀ ਬਹੁਮਤ ਨਾਲ ਦੁਬਾਰਾ ਸੱਤਾ ਵਿੱਚ ਆਵੇਗੀ।”

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਦਾਅਵੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿ ਐਨਡੀਏ ਪੰਜਾਬ ਵਿੱਚ ਅਗਲੀ ਸਰਕਾਰ ਬਣਾਏਗੀ, ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ, “ਨੇਤਾ ਆਪਣੇ ਵਰਕਰਾਂ ਦਾ ਉਤਸ਼ਾਹ ਵਧਾਉਣ ਅਤੇ ਕੇਡਰ ਨੂੰ ਮਜ਼ਬੂਤ ਕਰਨ ਲਈ ਅਜਿਹੇ ਬਿਆਨ ਦਿੰਦੇ ਹਨ। ਹਾਲਾਂਕਿ, ਅਜਿਹਾ ਨਹੀਂ ਹੈ ਕਿ ਜਿਸ ਵੀ ਰਾਜ ਵਿੱਚ ਉਨ੍ਹਾਂ ਨੇ ਅਜਿਹੇ ਦਾਅਵੇ ਕੀਤੇ ਹਨ, ਉੱਥੇ ਉਹ ਜਿੱਤੇ ਹੋਣ। ਅਸਲੀ ਪ੍ਰੀਖਿਆ ਲੋਕਾਂ ਲਈ ਕੀਤਾ ਗਿਆ ਕੰਮ ਹੈ। ਜਦੋਂ ਤੁਲਨਾ ਜਨਤਕ ਭਲਾਈ ਦੀ ਹੁੰਦੀ ਹੈ, ਤਾਂ ਮੈਨੂੰ ਵਿਸ਼ਵਾਸ ਹੈ ਕਿ ‘ਆਪ’ ਸਰਕਾਰ ਦੇ ਰਿਕਾਰਡ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ।”

‘ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ, “2007 ਤੋਂ 2017 ਤੱਕ ਅਕਾਲੀ-ਭਾਜਪਾ ਰਾਜ ਦੌਰਾਨ ਪੰਜਾਬ ਵਿੱਚ ‘ਚਿੱਟੇ’ ਦੀ ਲਾਹਨਤ ਪਹਿਲੀ ਵਾਰ ਸਾਹਮਣੇ ਆਈ ਅਤੇ ਇਸ ਤੋਂ ਪਹਿਲਾਂ ਕਿ ਕੋਈ ਇਸ ਸੰਕਟ ਦੀ ਗੰਭੀਰਤਾ ਨੂੰ ਸਮਝ ਸਕਦਾ, ਇਸ ਨੇ ਪੰਜਾਬੀਆਂ ਦੀ ਪੂਰੀ ਪੀੜ੍ਹੀ ਨੂੰ ਨਿਗਲ ਲਿਆ। ਮਾਨ ਸਰਕਾਰ ਪੰਜਾਬ ਨੂੰ ਇਸ ਨਸ਼ੇ ਦੀ ਅਲਾਮਤ ਤੋਂ ਮੁਕਤ ਕਰਵਾਉਣਾ ਚਾਹੁੰਦੀ ਹੈ। ਪਰ ਅਮਿਤ ਸ਼ਾਹ ‘ਚਿੱਟਾ ਪਾਰਟੀ’ ਅਤੇ ਮਜੀਠੀਆ ਨਾਲ ਇੱਕ ਵਾਰ ਫਿਰ ਗੱਠਜੋੜ ਕਰਕੇ ਪੰਜਾਬ ਨੂੰ ਮੁੜ ਉਸੇ ਖੱਡ ਵਿੱਚ ਧੱਕਣਾ ਚਾਹੁੰਦੇ ਹਨ।”

‘ਆਪ’ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੇ ਰਸਮੀ ਤੌਰ ‘ਤੇ ਵੱਖ ਹੋਣ ਦੇ ਦੌਰ ਦੇ ਬਾਵਜੂਦ ਸਿਆਸੀ ਨੇੜਤਾ ਬਣਾਈ ਰੱਖੀ ਹੈ ਅਤੇ ਉਨ੍ਹਾਂ ਦੇ ਫ਼ੈਸਲੇ ਚੋਣ ਗਣਿਤ ਤੋਂ ਪ੍ਰੇਰਿਤ ਹੁੰਦੇ ਹਨ। ਉਨ੍ਹਾਂ ਕਿਹਾ, “ਉਹ ਸਿਆਸੀ ਤੌਰ ‘ਤੇ ਜੁੜੇ ਹੋਏ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੋਵੇਗਾ, ਉਹ ਇਕੱਠੇ ਹੋ ਜਾਂਦੇ ਹਨ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਵੱਖ ਰਹਿਣ ਨਾਲ ਉਨ੍ਹਾਂ ਦੇ ਹਿੱਤ ਪੂਰੇ ਹੋਣਗੇ, ਤਾਂ ਉਹ ਵੱਖ ਹੋ ਜਾਂਦੇ ਹਨ। ਉਨ੍ਹਾਂ ਦੇ ਸਿਆਸੀ ਸਟੈਂਡ ਉਨ੍ਹਾਂ ਦੀਆਂ ਗਣਨਾਵਾਂ ਅਨੁਸਾਰ ਬਦਲਦੇ ਹਨ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੁਆਰਾ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਹਵਾਲਾ ਦਿੰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਤੋਂ ਉਦੋਂ ਦੂਰੀ ਬਣਾ ਲਈ ਸੀ ਜਦੋਂ ਉਸ ਨੂੰ ਲੱਗਿਆ ਕਿ ਪਾਰਟੀ ਨਾਲ ਉਸ ਦਾ ਸਬੰਧ ਪੰਜਾਬ ਵਿੱਚ ਲੋਕਾਂ ਦੇ ਵਿਰੋਧ ਦਾ ਕਾਰਨ ਬਣ ਸਕਦਾ ਹੈ।

ਉਨ੍ਹਾਂ ਕਿਹਾ ਕਿ ਤਾਜ਼ਾ ਘਟਨਾਕ੍ਰਮ ਨੇ ਇੱਕ ਵਾਰ ਫਿਰ ਦੋਵਾਂ ਪਾਰਟੀਆਂ ਦੇ ਰਿਸ਼ਤੇ ਪਿੱਛੇ ਦੀ ਸਿਆਸੀ ਸੁਖ-ਸਹੂਲਤ ਨੂੰ ਉਜਾਗਰ ਕਰ ਦਿੱਤਾ ਹੈ। “ਚਾਹੇ ਉਹ ਮਿਲ ਕੇ ਚੋਣ ਲੜਨ ਜਾਂ ਵੱਖ-ਵੱਖ, ਸਾਨੂੰ ਕੋਈ ਫ਼ਰਕ ਨਹੀਂ ਪੈਂਦਾ। ਪੰਜਾਬ ਵਿੱਚ ਨਾ ਤਾਂ ਅਕਾਲੀ ਦਲ ਅਤੇ ਨਾ ਹੀ ਭਾਜਪਾ ਦੀ ਅਜਿਹੀ ਸਿਆਸੀ ਸਥਿਤੀ ਹੈ ਕਿ ਉਹ ਅਗਲੀ ਸਰਕਾਰ ਬਣਾ ਸਕਣ। ਉਹ ਜੋ ਚਾਹੁਣ ਦਾਅਵੇ ਕਰ ਸਕਦੇ ਹਨ, ਪਰ ਸਰਕਾਰ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਹੀ ਬਣੇਗੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਬਾਰਾ ਮੁੱਖ ਮੰਤਰੀ ਬਣਨਗੇ।”

More from PoliticsMore posts in Politics »

Be First to Comment

Leave a Reply

Your email address will not be published. Required fields are marked *