Press "Enter" to skip to content

ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; ਨਾਬਾਲਗ ਸਮੇਤ ਚਾਰ ਵਿਅਕਤੀ 7 ਪਿਸਤੌਲਾਂ ਸਣੇ ਗ੍ਰਿਫ਼ਤਾਰ

ਚੰਡੀਗੜ੍ਹ/ਅੰਮ੍ਰਿਤਸਰ, 8 ਅਪ੍ਰੈਲ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਚਾਰ ਵਿਅਕਤੀਆਂ, ਜਿਨ੍ਹਾਂ ਵਿੱਚੋਂ ਇੱਕ ਨਬਾਲਗ ਹੈ, ਨੂੰ ਸੱਤ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗਿੰਦਰ (32), ਜੋਬਨਬੀਰ ਸਿੰਘ ਉਰਫ਼ ਜੋਬਨ (23), ਦੋਵੇਂ ਵਾਸੀ ਪਿੰਡ ਲੱਧੇਵਾਲ, ਅੰਮ੍ਰਿਤਸਰ; ਪਿੰਡ ਭੂਸੇ, ਤਰਨ ਤਾਰਨ ਦੇ ਵਸਨੀਕ ਲਵਪ੍ਰੀਤ ਸਿੰਘ ਉਰਫ਼ ਲਵ; ਅਤੇ ਇੱਕ 16 ਸਾਲਾ ਨਾਬਾਲਗ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਪਿਸਤੌਲਾਂ ਵਿੱਚ ਦੋ .30 ਬੋਰ ਪੀਐਕਸ 5 ਸਟੌਰਮ, ਇਟਲੀ ਦੇ ਬਣੇ ਦੋ .30 ਬੋਰ ਪਿਸਤੌਲ, ਇੱਕ .30 ਬੋਰ ਚੀਨੀ ਪਿਸਤੌਲ, ਆਸਟਰੀਆ ਦਾ ਬਣਿਆ ਇੱਕ .30 ਬੋਰ ਅਤੇ ਇੱਕ 9 ਐਮਐਮ ਪਿਸੌਤਲ ਅਤੇ 12 ਜ਼ਿੰਦਾ ਕਾਰਤੂਸ ਸ਼ਾਮਲ ਹਨ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪਾਕਿਸਤਾਨ ਸਥਿਤ ਤਸਕਰਾਂ ਦੇ ਸੰਪਰਕ ਵਿੱਚ ਸਨ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਹਥਿਆਰਾਂ ਦੀ ਖੇਪ ਅਟਾਰੀ ਸੈਕਟਰ ਵਿੱਚ ਪਿੰਡ ਭੈਣੀ ਅਤੇ ਨੇਸ਼ਟਾ ਖੇਤਰ ਨੇੜੇ ਡਰੋਨ ਰਾਹੀਂ ਭੇਜੀ ਜਾ ਰਹੀ ਸੀ।

ਡੀਜੀਪੀ ਨੇ ਦੱਸਿਆ ਕਿ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਉਕਤ ਮੁਲਜ਼ਮ ਨਿਰਧਾਰਤ ਥਾਵਾਂ ਤੋਂ ਖੇਪਾਂ ਪ੍ਰਾਪਤ ਕਰਕੇ ਇਨ੍ਹਾਂ ਨੂੰ ਅੱਗੇ ਆਪਣੇ ਸਥਾਨਕ ਕਾਰਕੁਨਾਂ ਨੂੰ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਸਮੁੱਚੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਦੋਸ਼ੀ ਗੁਰਵਿੰਦਰ ਉਰਫ਼ ਗਿੰਦਰ, ਜੋਬਨਬੀਰ ਉਰਫ਼ ਜੋਬਨ ਅਤੇ ਲਵਪ੍ਰੀਤ ਉਰਫ਼ ਲਵ ਨੂੰ ਛੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਉਨ੍ਹਾਂ ਦਾ ਚੌਥਾ ਸਾਥੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਰਿਹਾ, ਜਿਸ ਉਪਰੰਤ ਪੁਲਿਸ ਟੀਮਾਂ ਨੇ ਆਪਣੀ ਤਲਾਸ਼ ਜਾਰੀ ਰੱਖੀ ਅਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਅਗਲੇ ਦਿਨ ਉਕਤ ਨਾਬਾਲਗ ਦੋਸ਼ੀ ਨੂੰ ਇੱਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗੁਰਵਿੰਦਰ ਉਰਫ਼ ਗਿੰਦਰ ਅਤੇ ਲਵਪ੍ਰੀਤ ਉਰਫ਼ ਲਵ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ। ਇਸ ਦੇ ਨਾਲ ਹੀ ਨਾਬਾਲਗ ਦੋਸ਼ੀ ਖਿਲਾਫ਼ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਘਰਿੰਡਾ ਵਿਖੇ ਅਸਲਾ ਐਕਟ ਤਹਿਤ ਪਹਿਲਾਂ ਵੀ ਇੱਕ ਅਪਰਾਧਕ ਮਾਮਲ ਦਰਜ ਹੈ, ਜਿਸ ਵਿੱਚ ਉਸ ਕੋਲੋਂ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਸਨ।

ਇਸ ਸਬੰਧੀ ਪੁਲਿਸ ਥਾਣਾ ਛੇਹਰਟਾ, ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25(8) ਤਹਿਤ ਐਫਆਈਆਰ ਨੰ. 72 ਮਿਤੀ 02-04-2026 ਦਰਜ ਹੈ।

More from Latest NewsMore posts in Latest News »
More from NewsMore posts in News »
More from PunjabMore posts in Punjab »
More from PunjabiMore posts in Punjabi »

Be First to Comment

Leave a Reply

Your email address will not be published. Required fields are marked *