Press "Enter" to skip to content

ਗੁਰਦਾਸਪੁਰ ਵਿੱਚ ਆਈਐਸਆਈ ਸਮਰਥਿਤ ਬੀਕੇਆਈ ਅੱਤਵਾਦੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਗ੍ਰਿਫ਼ਤਾਰ; 5 ਹੈਂਡ ਗ੍ਰਨੇਡ, ਆਈਈਡੀ ਸਮੱਗਰੀ ਬਰਾਮਦ

ਚੰਡੀਗੜ੍ਹ/ਗੁਰਦਾਸਪੁਰ, 9 ਅਪ੍ਰੈਲ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਵਿੱਚ, ਅੰਮ੍ਰਿਤਸਰ ਦਿਹਾਤੀ, ਗੁਰਦਾਸਪੁਰ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅੱਤਵਾਦੀ ਮਾਡਿਊਲ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਅੱਜ ਇੱਥੇ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਆਕਾਸ਼ ਮਸੀਹ ਅਤੇ ਜਬਲੌਨ, ਦੋਵੇਂ ਵਾਸੀ ਜ਼ਿਲ੍ਹਾ ਦੁੱਲਾ ਨੰਗਲ, ਥਾਣਾ ਘੁਮਾਣ ਕਲਾਂ, ਗੁਰਦਾਸਪੁਰ ਵਜੋਂ ਹੋਈ ਹੈ। ਦੋਵਾਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਦੋਵਾਂ ਕਾਰਕੁਨਾਂ ਦੀ ਗ੍ਰਿਫ਼ਤਾਰੀ ਨਾਲ ਮਹੱਤਵਪੂਰਨ ਬਰਾਮਦਗੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਪੰਜ ਹੈਂਡ ਗ੍ਰਨੇਡ, ਦੋ ਵਿਸ਼ੇਸ਼ ਡੈਟੋਨੇਟਰ, ਕੋਡਰ ਅਤੇ ਡੀਕੋਡਰ ਵਾਲਾ ਪੁਸ਼-ਟੂ-ਟਾਕ (ਪੀਟੀਟੀ) ਟਾਈਮਰ, 9ਵੋਲਟ ਬੈਟਰੀ, ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਸਮੱਗਰੀ (1 ਕਿਲੋਗ੍ਰਾਮ ਹਾਈ ਐਕਸਪਲੋਸਿਵ), ਕੇਬਲ ਅਤੇ ਟਰਿੱਗਰ ਵਾਲਾ ਇੱਕ ਬਾਓਫੇਂਗ ਵਾਕੀ-ਟਾਕੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਰਾਮਦਗੀ ਤੋਂ ਪਤਾ ਚੱਲਦਾ ਹੈ ਕਿ ਮਾਡਿਊਲ ਰਾਜ ਵਿੱਚ ਸ਼ਾਂਤੀ ਨੂੰ ਭੰਗ ਕਰਨ ਦੇ ਉਦੇਸ਼ ਨਾਲ ਉੱਚ-ਪ੍ਰਭਾਵੀ ਅੱਤਵਾਦੀ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਸੀ।

ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਈਐਸਆਈ-ਸਮਰਥਿਤ ਅੱਤਵਾਦੀ ਮਾਡਿਊਲ ਵਿਦੇਸ਼ੀ-ਅਧਾਰਤ ਹੈਂਡਲਰਾਂ ਦੁਆਰਾ ਚਲਾਇਆ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਗਲੇ-ਪਿਛਲੇ ਸਬੰਧਾਂ, ਸਮੁੱਚੀ ਸਾਜ਼ਿਸ਼ ਅਤੇ ਸਥਾਨਕ ਸਹਾਇਤਾ ਨੈਟਵਰਕ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ।

ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਗੁਰਦਾਸਪੁਰ ਆਦਿੱਤਿਆ ਨੇ ਕਾਰਵਾਈ ਸਬੰਧੀ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਟੀ-ਪੁਆਇੰਟ ਜੋਗੋਵਾਲ ਬੇਦੀਆ ਵਿਖੇ ਇੱਕ ਵਿਸ਼ੇਸ਼ ਪੁਲਿਸ ਚੈਕਿੰਗ ਵਿੱਚ ਜੋਗੋਵਾਲ ਬੇਦੀਆ ਪਿੰਡ ਤੋਂ ਇੱਕ ਮੋਟਰਸਾਈਕਲ ‘ਤੇ ਦੋ ਨੌਜਵਾਨਾਂ ਨੂੰ ਆਉਂਦੇ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਦੇਖ ਕੇ, ਸ਼ੱਕੀਆਂ ਨੇ ਮੌਕੇ ਤੋਂ ਭੱਜਣ ਲਈ ਯੂ-ਟਰਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਟੀਮਾਂ ਉਨ੍ਹਾਂ ਨੂੰ ਰੋਕਣ ਵਿੱਚ ਕਾਮਯਾਬ ਰਹੀਆਂ।

ਐਸਐਸਪੀ ਨੇ ਕਿਹਾ ਕਿ ਪਿੱਛੇ ਬੈਠੇ ਵਿਅਕਤੀ ਕੋਲ ਨੀਲੇ ਅਤੇ ਪੀਲੇ ਰੰਗ ਦੇ ਦੋ ਬੈਗ ਸਨ, ਜਿਨ੍ਹਾਂ ਨੂੰ ਕੱਪੜੇ ਨਾਲ ਢੱਕਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਬੈਗਾਂ ਦੀ ਤਲਾਸ਼ੀ ਲੈਣ ‘ਤੇ, ਉਨ੍ਹਾਂ ਦੇ ਕਬਜ਼ੇ ਵਿੱਚੋਂ ਵਿਸਫੋਟਕ ਸਮੱਗਰੀ ਅਤੇ ਉਪਕਰਣ ਬਰਾਮਦ ਕੀਤੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਫੋਰੈਂਸਿਕ ਅਤੇ ਬੰਬ ਨਿਰੋਧਕ ਟੀਮਾਂ ਨੂੰ ਮੌਕੇ ‘ਤੇ ਬੁਲਾਇਆ ਗਿਆ ਅਤੇ ਵਿਸਫੋਟਕ ਸਮੱਗਰੀ ਅਤੇ ਗ੍ਰਨੇਡਾਂ ਨੂੰ ਸਫਲਤਾਪੂਰਵਕ ਬੇਅਸਰ ਕਰ ਦਿੱਤਾ ਗਿਆ।

ਇਸ ਸਬੰਧੀ ਥਾਣਾ ਕਲਾਨੌਰ, ਗੁਰਦਾਸਪੁਰ ਵਿਖੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 4 ਅਤੇ 5 ਤਹਿਤ ਐਫਆਈਆਰ ਨੰਬਰ 45 ਮਿਤੀ 08/04/2026 ਦਰਜ ਕੀਤੀ ਗਈ ਹੈ।

More from Latest NewsMore posts in Latest News »
More from NewsMore posts in News »
More from PunjabMore posts in Punjab »
More from PunjabiMore posts in Punjabi »

Be First to Comment

Leave a Reply

Your email address will not be published. Required fields are marked *