Press "Enter" to skip to content

ਅਕਾਲੀ ਦਲ-ਭਾਜਪਾ ਗਠਜੋੜ ਬੇਨਕਾਬ, ਸੁਖਬੀਰ ਬਾਦਲ ਬੇਅਦਬੀ ਦੇ ਕੇਸਾਂ ਤੋਂ ਬਚਣ ਲਈ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰ ਰਹੇ ਹਨ: ਰਣਬੀਰ ਸਿੰਘ ਢੀਂਡਸਾ

ਐਸਆਈਟੀ ਅੱਗੇ ਪੇਸ਼ ਹੋਣ ਵਿੱਚ ਸੁਖਬੀਰ ਬਾਦਲ ਦੀ ਵਾਰ-ਵਾਰ ਨਾਕਾਮੀ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਗੰਭੀਰਤਾ ਦੀ ਘਾਟ ਨੂੰ ਦਰਸਾਉਂਦੀ ਹੈ: ਰਣਬੀਰ ਸਿੰਘ ਢੀਂਡਸਾ

ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਆਪਣੀ ਜ਼ਿੰਮੇਵਾਰੀ ਕਬੂਲ ਕੀਤੀ ਸੀ, ਫਿਰ ਐਸਆਈਟੀ ਅੱਗੇ ਸੱਚ ਬੋਲਣ ਤੋਂ ਕਿਉਂ ਇਨਕਾਰ ਕਰ ਰਹੇ ਹਨ: ਰਣਬੀਰ ਸਿੰਘ ਢੀਂਡਸਾ

ਫਰੀਦਕੋਟ ਅਦਾਲਤ ਦੇ ਰਿਕਾਰਡ ਅਤੇ ਸੁਖਬੀਰ ਬਾਦਲ ਦੀ ਆਪਣੀ ਰਿਟ ਪਟੀਸ਼ਨ ਦਰਸਾਉਂਦੀ ਹੈ ਕਿ ਗੋਲੀਬਾਰੀ ਦੌਰਾਨ ਉਹ 5-ਸਿਤਾਰਾ ਹੋਟਲ ਵਿੱਚ ਸਨ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਸੰਪਰਕ ਵਿੱਚ ਸਨ: ਰਣਬੀਰ ਸਿੰਘ ਢੀਂਡਸਾ

ਸਾਬਕਾ ਗ੍ਰਹਿ ਮੰਤਰੀ ਹੋਣ ਦੇ ਨਾਤੇ, ਸੁਖਬੀਰ ਬਾਦਲ ਕੋਟਕਪੂਰਾ ਗੋਲੀਕਾਂਡ ਦੀ ਘਟਨਾ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ: ਰਣਬੀਰ ਸਿੰਘ ਢੀਂਡਸਾ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਰਣਬੀਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਐਸਆਈਟੀ ਵਲੋਂ ਬੁਲਾਏ ਜਾਣ ਦੇ ਬਾਵਜੂਦ ਅੱਜ ਫਿਰ ਗੈਰ-ਹਾਜ਼ਰ ਰਹਿਣਾ ਸਾਫ਼ ਦਰਸਾਉਂਦਾ ਹੈ ਕਿ ਉਹ ਬੇਅਦਬੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਵਰਗੇ ਸੰਜੀਦਾ ਮੁੱਦਿਆਂ ‘ਤੇ ਕਿੰਨੇ ਕੁ ਗੰਭੀਰ ਹਨ।

ਸ਼ੁਕਰਵਾਰ ਨੂੰ ਮੋੜਾ ਸਿੰਘ ਅਣਜਾਣ ਅਤੇ ਪ੍ਰੋ. ਰਿਪਨਦੀਪ ਸਿੰਘ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਢੀਂਡਸਾ ਨੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਤੋਂ ਦੋ ਸਿੱਧੇ ਸਵਾਲ ਪੁੱਛੇ। ਉਨ੍ਹਾਂ ਕਿਹਾ ਕਿ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਡੇ ਲਈ ਦੁਨਿਆਵੀ ਅਦਾਲਤਾਂ ਦਾ ਮਹੱਤਵ ਵੱਧ ਹੈ ਜਾਂ ਸਾਡੇ ਸਰਵ-ਉੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ? ਸਾਡੇ ਗੁਰੂ ਸਾਹਿਬ ਦੁਆਰਾ ਵਸਾਇਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੁਨਿਆਵੀ ਕੋਰਟਾਂ ਤੋਂ ਕਿਤੇ ਵੱਧ ਪਵਿੱਤਰ ਅਤੇ ਸਰਵੋਤਮ ਹੈ, ਜਿੱਥੇ ਹਰ ਸਿੱਖ ਤੇ ਪੰਜਾਬੀ ਦੇ ਮਨ ਵਿੱਚ ਅਥਾਹ ਸ਼ਰਧਾ ਤੇ ਸਤਿਕਾਰ ਹੈ। ਜਦੋਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਬਾਦਲ ਨੂੰ ਬੁਲਾਇਆ ਸੀ, ਤਾਂ ਉੱਥੇ ਉਨ੍ਹਾਂ ਨੇ ਕਬੂਲਿਆ ਸੀ ਕਿ ਉਹ ਬੇਅਦਬੀਆਂ ਅਤੇ ਸ਼ਾਂਤਮਈ ਜਾਪ ਕਰਦੀ ਸੰਗਤ ‘ਤੇ ਹੋਏ ਗੋਲੀਕਾਂਡ ਲਈ ਜ਼ਿੰਮੇਵਾਰ ਹਨ। ਉਨ੍ਹਾਂ ਦੀ ਪੂਰੀ ਕੈਬਨਿਟ ਨੇ ਗੁਰੂ ਮਰਿਆਦਾ ਅਨੁਸਾਰ ਸਜ਼ਾ ਭੁਗਤੀ ਸੀ। ਜੇਕਰ ਤੁਸੀਂ ਗੁਰੂ ਦੀ ਉਸ ਸਭ ਤੋਂ ਵੱਡੀ ਅਦਾਲਤ ਵਿੱਚ ਆਪਣਾ ਗੁਨਾਹ ਮੰਨ ਕੇ ਆਏ ਹੋ, ਤਾਂ ਅੱਜ ਐਸਆਈਟੀ ਅੱਗੇ ਸੱਚ ਬੋਲਣ ਤੋਂ ਕਿਵੇਂ ਮੁੱਕਰ ਸਕਦੇ ਹੋ? ਤੁਹਾਡੀ ਗੁਰੂ ਪ੍ਰਤੀ ਸ਼ਰਧਾ ਅਤੇ ਪੰਥਕ ਸਟੈਂਡ ਕਿੱਥੇ ਗਿਆ?

ਦੂਜਾ ਵੱਡਾ ਸਵਾਲ ਚੁੱਕਦਿਆਂ ਆਪ ਆਗੂ ਨੇ ਕਿਹਾ ਕਿ ਸਾਬਕਾ ਗ੍ਰਹਿ ਮੰਤਰੀ ਹੁੰਦਿਆਂ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਗੋਲੀਕਾਂਡ ਦੇ ਦਿਨ ਉਹ ਵਿਦੇਸ਼ ਵਿੱਚ ਸਨ। ਜਦਕਿ ਫਰੀਦਕੋਟ ਅਦਾਲਤ ਦੇ ਰਿਕਾਰਡ ਅਤੇ ਉਨ੍ਹਾਂ ਦੀ ਹੀ ਰਿੱਟ ਪਟੀਸ਼ਨ ਮੁਤਾਬਕ ਉਹ ਉਸ ਰਾਤ ਇੱਕ ਪੰਜ ਤਾਰਾ ਹੋਟਲ ਵਿੱਚ ਬੈਠ ਕੇ ਪੁਲਿਸ ਦੇ ਆਲਾ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਸਨ। ਗ੍ਰਹਿ ਮੰਤਰੀ ਹੋਣ ਦੇ ਨਾਤੇ ਜਦੋਂ ਸਾਰੀ ਰਾਤ ਗੱਲਬਾਤ ਚੱਲ ਰਹੀ ਸੀ, ਤਾਂ ਫਿਰ ਇਸ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ? ਇਹ ਅਕਾਲੀ ਦਲ ਅਤੇ ਭਾਜਪਾ ਦੀ ਆਪਸੀ ਮਿਲੀਭੁਗਤ ਹੈ, ਜਿਸ ਨਾਲ ਉਨ੍ਹਾਂ ਦਾ ਪੰਜਾਬ, ਪੰਥ ਅਤੇ ਸਿੱਖ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ।

ਢੀਂਡਸਾ ਨੇ ਅੱਗੇ ਖੁਲਾਸਾ ਕੀਤਾ ਕਿ ਸੁਖਬੀਰ ਬਾਦਲ ਦਾ ਅੱਜ ਐਸਆਈਟੀ ਅੱਗੇ ਪੇਸ਼ ਨਾ ਹੋਣ ਦਾ ਮੁੱਖ ਕਾਰਨ ਦਿੱਲੀ ਦੇ ਵੱਡੇ ਹਾਕਮਾਂ (ਭਾਜਪਾ) ਨਾਲ ਹੋ ਰਿਹਾ ਸਮਝੌਤਾ ਹੈ। ਉਨ੍ਹਾਂ ਨੂੰ ਦਿੱਲੀ ਤੋਂ ਥਾਪੜਾ ਮਿਲਿਆ ਹੈ ਕਿ ਤੁਹਾਨੂੰ ਪੇਸ਼ ਹੋਣ ਦੀ ਲੋੜ ਨਹੀਂ, ਬੇਅਦਬੀ ਦੇ ਕੇਸਾਂ ‘ਚੋਂ ਤੁਹਾਨੂੰ ਅਸੀਂ ਬਚਾਵਾਂਗੇ। ਇਸ ਬਚਾਅ ਦੇ ਬਦਲੇ ਸੁਖਬੀਰ ਬਾਦਲ ਨੇ ਪੰਜਾਬ ਦੇ ਹਿੱਤਾਂ ਦਾ ਸੌਦਾ ਕੀਤਾ ਹੈ ਅਤੇ ਕਾਲੇ ਕਾਨੂੰਨਾਂ ‘ਤੇ ਭਾਜਪਾ ਦਾ ਸਾਥ ਦੇਣ ਦੀ ਸਹਿਮਤੀ ਦਿੱਤੀ ਹੈ।

ਉਨ੍ਹਾਂ ਕਿਹਾ ਕਿ 2020 ਵਿੱਚ ਵਿਖਾਵੇ ਲਈ ਤੋੜਿਆ ਗਿਆ ਸਮਝੌਤਾ ਅਸਲ ਵਿੱਚ ਕਦੇ ਟੁੱਟਿਆ ਹੀ ਨਹੀਂ ਸੀ। ਚਾਹੇ ਰਾਸ਼ਟਰਪਤੀ ਚੋਣਾਂ ਵਿੱਚ ਭਾਜਪਾ ਉਮੀਦਵਾਰ ਨੂੰ ਵੋਟ ਪਾਉਣੀ ਹੋਵੇ ਜਾਂ ਪਾਰਲੀਮੈਂਟ ਵਿੱਚ ਬਿਲ ਪਾਸ ਕਰਵਾਉਣ ਲਈ ਆਪਣੇ ਇਕਲੌਤੇ ਐਮਪੀ ਦੀ ਵੋਟ ਦੇਣੀ ਹੋਵੇ, ਅਕਾਲੀ ਦਲ ਹਮੇਸ਼ਾ ਭਾਜਪਾ ਨਾਲ ਖੜ੍ਹਾ ਰਿਹਾ। ਅੱਜ ਉਨ੍ਹਾਂ ਦੀਆਂ ਐਮਐਸਪੀ, ਕਾਲੇ ਕਾਨੂੰਨਾਂ ਜਾਂ ਸਿੱਖ ਮੁੱਦਿਆਂ ‘ਤੇ ਰੱਖੀਆਂ ਸ਼ਰਤਾਂ ਕਿੱਥੇ ਗਈਆਂ? ਅੱਜ ਉਨ੍ਹਾਂ ਲਈ ਸਿਰਫ਼ ਇੱਕੋ ਗੱਲ ਮਾਇਨੇ ਰੱਖਦੀ ਹੈ ਕਿ ਬੇਅਦਬੀ ਦੇ ਦੋਸ਼ਾਂ ਅਤੇ ਸਜ਼ਾ ਤੋਂ ਕਿਸ ਤਰ੍ਹਾਂ ਬਚਿਆ ਜਾਵੇ।

ਰਣਬੀਰ ਸਿੰਘ ਢੀਂਡਸਾ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਜ਼ਿਸ਼ ਪ੍ਰਤੀ ਸੁਚੇਤ ਰਹਿਣ। ਆਪਣੇ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਅਕਾਲੀ ਦਲ ਦੀ ਲੀਡਰਸ਼ਿਪ ਨੇ ਪਹਿਲਾਂ ਪੂਰੀ ਪਾਰਟੀ ਖ਼ਤਮ ਕੀਤੀ ਅਤੇ ਹੁਣ ਪੰਜਾਬ ਦੇ ਹਿੱਤਾਂ ਨੂੰ ਭਾਜਪਾ ਦੇ ਹੱਥਾਂ ਵਿੱਚ ਵੇਚ ਦਿੱਤਾ ਹੈ। ਪੰਜਾਬ ਦਾ ਹਰ ਨਾਗਰਿਕ ਬਾਦਲਾਂ ਤੋਂ ਇਹ ਸਵਾਲ ਜ਼ਰੂਰ ਪੁੱਛੇ ਅਤੇ ਉਨ੍ਹਾਂ ਦਾ ਪੰਜਾਬ ਵਿਰੋਧੀ ਚਿਹਰਾ ਦੁਨੀਆ ਸਾਹਮਣੇ ਬੇਨਕਾਬ ਕਰੇ।

Be First to Comment

Leave a Reply

Your email address will not be published. Required fields are marked *